ਪਹੁੰਚਯੋਗਤਾ ਬਾਰੇ ਯੋਜਨਾ ਦੇ ਇਸ ਸਾਰ ਦਾ ਅਨੁਵਾਦ ਇਕ ਪ੍ਰੋਫੈਸ਼ਨਲ ਅਨੁਵਾਦਕ ਵਲੋਂ ਕੀਤਾ ਗਿਆ ਹੈ।

ਬਾਕੀ ਦੇ ਵੈੱਬਸਾਈਟ ਨੂੰ ਅਨੁਵਾਦ ਕਰਨ ਲਈ ਕਿਰਪਾ ਕਰਕੇ ਸਫੇ ਦੇ ਸਿਖਰ `ਤੇ ਦਿੱਤਾ ਔਟੋ-ਟ੍ਰਾਂਸਲੇਟ ਟੂਲ ਵਰਤੋ।


ਇਹ ਇਕ ਵੱਡੀ ਰਿਪੋਰਟ ਦਾ ਸਾਰ ਹੈ। ਪਹੁੰਚਯੋਗਤਾ ਬਾਰੇ ਯੋਜਨਾ ਦੀ ਪੂਰੀ ਰਿਪੋਰਟ (ਅੰਗਰੇਜ਼ੀ ਵਿੱਚ) ਇੱਥੋਂ ਮਿਲ ਸਕਦੀ ਹੈ।


ਅਪਾਹਜਤਾ ਵਾਲੇ ਵਿਅਕਤੀ ਉਹਨਾਂ ਲੋਕਾਂ ਨੂੰ ਕਿਹਾ ਜਾਂਦਾ ਹੈ ਜਿਹਨਾਂ ਵਿੱਚ ਸਰੀਰਕ, ਮਾਨਸਿਕ ਸਿਹਤ, ਸੋਚਣ-ਸਮਝਣ, ਸੰਚਾਰ ਨਾਲ ਸੰਬੰਧਿਤ, ਬੌਧਿਕ, ਸੰਵੇਦਕ ਜਾਂ ਉਮਰ ਨਾਲ ਸੰਬੰਧਿਤ ਕਮਜ਼ੋਰੀਆਂ ਹੁੰਦੀਆਂ ਹਨ ਭਾਵੇਂ ਉਹ ਸੀਨੀਅਰ ਹੋਣ, ਉਮਰ ਨਾਲ ਸੰਬੰਧਿਤ ਕਮਜ਼ੋਰੀਆਂ ਵਾਲੇ ਦੂਸਰੇ ਲੋਕ ਹੋਣ ਜਾਂ ਮਾਨਸਿਕ ਸਿਹਤ ਦੇ ਸਰੋਕਾਰਾਂ ਜਾਂ ਨਸਿ਼ਆਂ ਦੀ ਵਰਤੋਂ ਦੇ ਮਸਲਿਆਂ ਨਾਲ ਜੀਅ ਰਹੇ ਲੋਕ ਹੋਣ। ਇਸ ਯੋਜਨਾ ਦੇ ਮਕਸਦਾਂ ਲਈ ਸਿਟੀ ਅਪਾਹਜਤਾ ਵਾਲੇ ਵਿਅਕਤੀ ਦੇ ਪਰਿਭਾਸ਼ਕ ਸ਼ਬਦਾਂ ਦੀ ਵਰਤੋਂ ਇਸ ਤਰ੍ਹਾਂ ਕਰੇਗੀ ਜੋ ਉੱਪਰ ਦੱਸੇ ਅਨੁਸਾਰ ਜ਼ਿੰਦਗੀ ਦੇ ਤਜਰਬਿਆਂ ਦੀ ਜਟਿਲਤਾ ਅਤੇ ਵੰਨ-ਸੁਵੰਨਤਾ ਨੂੰ ਆਪਣੇ ਘੇਰੇ ਵਿੱਚ ਲੈਂਦੇ ਹੋਣ ਅਤੇ ਅਪਾਹਜਤਾ ਦੀ ਅਜਿਹੀ ਪਰਿਭਾਸ਼ਾ ਅਪਣਾਏਗੀ ਜੋ ਵਿਸਤ੍ਰਿਤ ਹੋਵੇ ਅਤੇ ਸਭ-ਕੁਝ ਨੂੰ ਕਲਾਵੇ ਵਿੱਚ ਲੈਂਦੀ ਹੋਵੇ।


ਵੈਨਕੂਵਰ ਸਿਟੀ ਪਹੁੰਚਯੋਗਤਾ ਬਾਰੇ ਯੋਜਨਾ ਬਣਾ ਰਹੀ ਹੈ। ਇਹ ਸਿਟੀ ਲਈ ਪਹੁੰਚਯੋਗਤਾ ਉੱਪਰ ਧਿਆਨ ਦੇਣ ਲਈ ਯੋਜਨਾ ਹੈ। ਚੰਗੀ ਜ਼ਿੰਦਗੀ ਜਿਉਣ ਲਈ ਹਰ ਇਕ ਨੂੰ ਪਹੁੰਚਯੋਗਤਾ ਦੀ ਲੋੜ ਹੈ। ਪਹੁੰਚਯੋਗਤਾ ਦੀਆਂ ਲੋੜਾਂ ਸਮਾਜਕ, ਆਰਥਿਕ, ਸਭਿਆਚਾਰਕ, ਰੂਹਾਨੀ ਅਤੇ ਸਿਆਸੀ ਹੋ ਸਕਦੀਆਂ ਹਨ।


ਕਿਸੇ ਵੀ ਵਿਅਕਤੀ ਨੂੰ ਅਪਾਹਜਤਾ ਦਾ ਤਜਰਬਾ ਹੋ ਸਕਦਾ ਹੈ। ਜ਼ਿੰਦਗੀ ਦੇ ਕਿਸੇ ਪੜਾਅ `ਤੇ ਕਾਰਜ ਕਰਨ ਵਿੱਚ ਆਰਜ਼ੀ, ਮੁੜ-ਮੁੜ ਹੋਣ ਵਾਲੀਆਂ ਜਾਂ ਪੱਕੀਆਂ ਤਬਦੀਲੀਆਂ ਦਾ ਹੋਣਾ ਇਨਸਾਨ ਹੋਣ ਦਾ ਹਿੱਸਾ ਹੈ। ਕਿਸੇ ਥਾਂ ਨੂੰ ਵੱਧ ਤੋਂ ਵੱਧ ਲੋਕਾਂ ਲਈ ਵਰਤੋਂ-ਯੋਗ ਬਣਾਉਣ ਦਾ ਅਮਲ ਪਹੁੰਚਯੋਗਤਾ ਹੈ। ਪਹੁੰਚਯੋਗਤਾ ਦਾ ਮਤਲਬ ਉਹਨਾਂ ਰੁਕਾਵਟਾਂ ਨੂੰ ਦੂਰ ਕਰਨਾ ਹੈ ਜਿਹੜੀਆਂ ਲੋਕਾਂ ਨੂੰ ਸਮਾਜ ਵਿੱਚ ਸ਼ਮੂਲੀਅਤ ਕਰਨ ਤੋਂ ਰੋਕਦੀਆਂ ਹਨ। ਪਹੁੰਚਯੋਗਤਾ ਸ਼ਮੂਲੀਅਤ ਬਾਰੇ ਹੈ।


ਪਹੁੰਚਯੋਗਤਾ ਦਾ ਮਤਲਬ ਹੈ ਕਿ ਸਾਰੇ ਲੋਕ:

  • ਉਹਨਾਂ ਸੇਵਾਵਾਂ ਅਤੇ ਪ੍ਰੋਗਰਾਮਾਂ ਤੱਕ ਪਹੁੰਚ ਕਰ ਸਕਦੇ ਹੋਣ ਜਿਹਨਾਂ ਦੀ ਉਹਨਾਂ ਨੂੰ ਲੋੜ ਹੈ
  • ਉਸ ਸ਼ਹਿਰ ਵਿੱਚ ਵੱਖ ਵੱਖ ਥਾਂਵਾਂ `ਤੇ ਆ-ਜਾ ਸਕਦੇ ਹੋਣ ਜਿਸ ਸ਼ਹਿਰ ਵਿੱਚ ਉਹ ਰਹਿੰਦੇ ਅਤੇ ਕੰਮ ਕਰਦੇ ਹਨ
  • ਜਨਤਕ ਥਾਂਵਾਂ ਵਿੱਚ ਸਮਾਂ ਗੁਜ਼ਾਰਨ ਸਮੇਂ ਮਹਿਸੂਸ ਕਰਨ ਕਿ ਉਹ ਉਹਨਾਂ ਥਾਂਵਾਂ ਦਾ ਅੰਗ ਹਨ


ਹਰ ਇਕ ਲਈ ਪਹੁੰਚਯੋਗਤਾ ਦੀਆਂ ਲੋੜਾਂ ਵੱਖ ਵੱਖ ਹੁੰਦੀਆਂ ਹਨ। ਅਪਾਹਜਤਾ ਵਾਲੇ ਵਿਅਕਤੀਆਂ ਦੇ ਵਿਚਾਰਾਂ ਨੂੰ ਬਿਹਤਰ ਢੰਗ ਨਾਲ ਸਮਝਣ ਲਈ, ਸਿਟੀ "ਸਾਡੇ ਬਾਰੇ ਕੁੱਝ ਵੀ ਸਾਡੇ ਤੋਂ ਬਿਨਾਂ ਨਾ ਹੋਵੇ" ਦੀ ਮਹੱਤਤਾ ਦੀ ਪਾਲਣਾ ਕਰਦੀ ਹੈ। ਸਿਟੀ ਦੀ ਪਹਿਲੀ ਪਹੁੰਚਯੋਗਤਾ ਬਾਰੇ ਯੋਜਨਾ ਬਣਾਉਣ ਦੇ ਉਦੇਸ਼ ਸਨ:

  • ਅਪਾਹਜਤਾ ਵਾਲੇ ਵਿਅਕਤੀਆਂ ਦੇ ਸੁਝਾਅ ਲੈਣੇ ਅਤੇ ਉਹਨਾਂ ਦੀ ਵਰਤੋਂ ਕਰਨੀ
  • ਸੁਰੱਖਿਅਤ ਅਤੇ ਇਮਾਨਦਾਰ ਗੱਲਾਂਬਾਤਾਂ ਲਈ ਥਾਂਵਾਂ ਪੈਦਾ ਕਰਨ ਲਈ ਪਹੁੰਚਯੋਗ ਅਮਲਾਂ ਦੀ ਵਰਤੋਂ ਕਰਨਾ
  • ਇਹ ਯਕੀਨੀ ਬਣਾਉਣਾ ਕਿ ਉਹਨਾਂ ਲੋਕਾਂ ਨੂੰ ਆਪਣੀ ਗੱਲ ਕਹਿਣ ਦਾ ਸੱਦਾ ਦਿੱਤਾ ਜਾਵੇ ਜਿਹੜੇ ਹਮੇਸ਼ਾਂ ਸ਼ਾਮਲ ਨਹੀਂ ਹੁੰਦੇ ਸਨ


ਇਹ ਰਿਪੋਰਟ ਦਸਦੀ ਹੈ ਕਿ ਫੀਡਬੈਕ ਲੈਣ ਲਈ ਸਟਾਫ ਕਮਿਊਨਿਟੀ ਦੇ ਮੈਂਬਰਾਂ ਨੂੰ ਕਿਸ ਤਰ੍ਹਾਂ ਮਿਲਿਆ। ਇਹ ਅਪਾਹਜ ਭਾਈਚਾਰੇ ਤੋਂ ਸੁਣੇ ਵਿਚਾਰਾਂ ਦਾ ਆਮ ਸਾਰ ਪੇਸ਼ ਕਰਦੀ ਹੈ। ਕੁੱਝ ਅਜਿਹੇ ਸੁਨੇਹੇ ਹਨ ਜਿਹਨਾਂ ਬਾਰੇ ਲੋਕਾਂ ਨੇ ਮਹਿਸੂਸ ਕੀਤਾ ਕਿ ਪਹੁੰਚਯੋਗਤਾ ਬਾਰੇ ਯੋਜਨਾ ਬਣਾਉਂਦੇ ਸਮੇਂ ਸਿਟੀ ਲਈ ਉਹਨਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ।


ਭਾਈਚਾਰੇ ਵਲੋਂ ਵੈਨਕੂਵਰ ਸਿਟੀ ਲਈ ਦਿੱਤੇ 7 ਮੁੱਖ ਸੁਨੇਹਿਆਂ ਵਿੱਚ ਸ਼ਾਮਲ ਹਨ:

1. ਅਪਾਹਜਤਾ ਦਾ ਤਜਰਬਾ ਹੋਣ ਵਾਲੇ ਲੋਕਾਂ ਨਾਲ ਅਰਥ ਭਰਪੂਰ ਢੰਗ ਨਾਲ ਗੱਲ ਕਰੋ: ਅਪਾਹਜਤਾ ਵਾਲੇ ਲੋਕਾਂ ਨੂੰ ਸ਼ਾਮਲ ਕਰੋ ਅਤੇ ਉਹਨਾਂ ਨੂੰ ਸੁਣੋ।

  • ਫੈਸਲਾ ਕਰਨ ਵਾਲੀਆਂ ਗਤੀਵਿਧੀਆਂ ਵਿੱਚ ਕਈ ਤਰ੍ਹਾਂ ਦੀ ਅਪਾਹਜਤਾ ਵਾਲੇ ਲੋਕਾਂ ਨੂੰ ਸ਼ਾਮਲ ਕਰੋ।
  • ਸ਼ਮੂਲੀਅਤ ਵਿੱਚ ਰੁਕਾਵਟਾਂ ਨੂੰ ਹਟਾ ਕੇ "ਸਾਡੇ ਬਾਰੇ ਕੁੱਝ ਵੀ ਸਾਡੇ ਤੋਂ ਬਿਨਾਂ ਨਾ ਹੋਵੇ" ਦਾ ਸਮਰਥਨ ਕਰੋ।

2. ਸਮਰੱਥਵਾਦ (ਏਬਲਿਜ਼ਮ) ਦਾ ਵਿਰੋਧ ਕਰਨ ਲਈ ਜਨਤਕ ਸਿੱਖਿਆ ਅਤੇ ਜਾਗਰੂਕਤਾ ਵਿੱਚ ਵਾਧਾ ਕਰੋ: ਦੂਜਿਆਂ ਨੂੰ ਸਿਖਾਉ ਕਿ ਸਮਰੱਥਵਾਦ (ਏਬਲਿਜ਼ਮ) ਕੀ ਹੈ ਅਤੇ ਇਹ ਦੂਸਰਿਆਂ `ਤੇ ਕਿਸ ਤਰ੍ਹਾਂ ਅਸਰ ਪਾਉਂਦਾ ਹੈ।

  • ਇਹ ਸਮਝੋ ਕਿ ਸਮਰੱਥਵਾਦ (ਏਬਲਿਜ਼ਮ) ਇਕ ਝੂਠਾ ਵਿਸ਼ਵਾਸ ਹੈ ਕਿ ਅਪਾਹਜਤਾ ਵਾਲੇ ਲੋਕ ਦੂਸਰੇ ਲੋਕਾਂ ਦੇ ਮੁਕਾਬਲੇ ਘੱਟ ਮਹੱਤਵਪੂਰਨ ਹੁੰਦੇ ਹਨ।
  • ਇਹ ਜਾਣਨਾ ਸਿੱਖੋ ਕਿ ਅਪਾਹਜਤਾ ਵਾਲੇ ਲੋਕ ਕਦੋਂ ਸਿਰਫ ਸਮਰੱਥਵਾਦ (ਏਬਲਿਜ਼ਮ) ਦਾ ਹੀ ਨਹੀਂ ਸਗੋਂ ਨਸਲਵਾਦ, ਲਿੰਗ -ਭੇਦ ਜਾਂ ਉਮਰ ਕਾਰਨ ਹੋਣ ਵਾਲੇ ਵਿਤਕਰੇ ਦਾ ਸਾਹਮਣਾ ਕਰ ਰਹੇ ਹੁੰਦੇ ਹਨ।

3. ਸਿਟੀ ਦੇ ਸਾਰੇ ਵਿਭਾਗਾਂ ਅਤੇ ਸੰਬੰਧਿਤ ਬੋਰਡਾਂ ਵਿੱਚ ਅਪਾਹਜਤਾ ਦੇ ਪੂਰੇ ਸਿਲਸਿਲੇ ਬਾਰੇ ਸਮਝ ਵਧਾਉ: ਅਪਾਹਜਤਾ ਦੀਆਂ ਵੱਖ ਵੱਖ ਕਿਸਮਾਂ ਬਾਰੇ ਸਟਾਫ ਦਾ ਗਿਆਨ ਵਧਾਉ।

  • ਇਹ ਸਮਝੋ ਕਿ ਅਪਾਹਜਤਾ ਪੱਕੀ, ਆਰਜ਼ੀ, ਨਾ ਦਿੱਖਣ ਵਾਲੀ ਹੋ ਸਕਦੀ ਹੈ ਜਾਂ ਸਮਾਂ ਪੈਣ ਨਾਲ ਬਦਲ ਸਕਦੀ ਹੈ।
  • ਸਟਾਫ ਦੀ ਟ੍ਰੇਨਿੰਗ, ਫੈਸਲੇ ਕਰਨ ਸਮੇਂ ਅਤੇ ਸਮਾਗਮਾਂ ਦਾ ਪ੍ਰਬੰਧ ਕਰਨ ਵਾਲੀਆਂ ਸਰਗਰਮੀਆਂ ਵਿੱਚ ਹਰ ਕਿਸਮ ਦੀ ਅਪਾਹਜਤਾ `ਤੇ ਗੌਰ ਕਰੋ।

4. ਪਹੁੰਚਯੋਗਤਾ ਵਾਲੇ ਸਭਿਆਚਾਰ ਨੂੰ ਅਪਣਾਉ: ਇਹ ਯਕੀਨੀ ਬਣਾਉ ਕਿ ਪਹੁੰਚਯੋਗਤਾ ਮਹੱਤਵਪੂਰਨ ਹੈ ਅਤੇ ਉਸ ਢੰਗ ਦਾ ਹਿੱਸਾ ਹੈ ਜਿਸ ਢੰਗ ਨਾਲ ਚੀਜ਼ਾਂ ਕੀਤੀਆਂ ਜਾਂਦੀਆਂ ਹਨ।

  • ਕਮਿਊਨਿਟੀ ਅਤੇ ਵਪਾਰਕ ਪ੍ਰੋਜੈਕਟਾਂ ਨੂੰ ਤਾਂ ਹੀ ਆਗਿਆ ਦੇਵੋ ਜੇ ਉਹ ਪਹੁੰਚਯੋਗ ਹੋਣ ਅਤੇ ਭਾਈਚਾਰੇ ਨੂੰ ਪਹੁੰਚਯੋਗਤਾ ਬਾਰੇ ਸਿੱਖਿਅਤ ਕਰਦੇ ਹੋਣ।
  • ਫੈਸਲੇ ਕਰਨ ਦੇ ਅਮਲ ਵਿੱਚ ਹਿੱਸਾ ਬਣਨ ਲਈ ਅਪਾਹਜਤਾ ਵਾਲੇ ਲੋਕਾਂ ਲਈ ਕੰਮ ਕਰਨ ਦੇ ਮੌਕੇ ਪ੍ਰਦਾਨ ਕਰੋ।

5. ਪਹੁੰਚਯੋਗਤਾ ਵਾਲਾ ਲੈਨਜ਼ ਵਰਤੋ: ਸਟਾਫ ਦੀ ਚੀਜ਼ਾਂ ਨੂੰ ਵੱਖਰੇ ਨਜ਼ਰੀਏ ਤੋਂ ਸਮਝਣ ਵਿੱਚ ਮਦਦ ਕਰਨ ਲਈ ਪਹੁੰਚਯੋਗਤਾ ਵਾਲੇ ਲੈਨਜ਼ ਨੂੰ ਇਕ ਸੰਦ ਵਜੋਂ ਵਰਤੋ।

  • ਸਾਰੇ ਵਸਨੀਕਾਂ ਅਤੇ ਕਰਮਚਾਰੀਆਂ ਦੀ ਪੂਰੀ ਹਿੱਸੇਦਾਰੀ ਅਤੇ ਸ਼ਮੂਲੀਅਤ ਦਾ ਸਮਰਥਨ ਕਰੋ।
  • ਇਹ ਪਤਾ ਲਾਉ ਕਿ ਪ੍ਰੋਜੈਕਟਾਂ ਜਾਂ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਲੋਕਾਂ ਨੂੰ ਕਿਸ ਚੀਜ਼ ਦੀ ਲੋੜ ਹੈ ਅਤੇ ਰੁਕਾਵਟਾਂ ਹਟਾਉ।

6. ਯੂਨੀਵਰਸਲ ਡਿਜ਼ਾਈਨ ਦੇ ਅਸੂਲ ਸਥਾਪਤ ਕਰੋ: ਸ਼ਹਿਰ ਹਰ ਇਕ ਲਈ ਉਸਾਰਨਾ ਚਾਹੀਦਾ ਹੈ, ਨਾ ਕਿ ਸਿਰਫ ਖਾਸ ਸਮਰੱਥਾਵਾਂ ਵਾਲੇ ਲੋਕਾਂ ਲਈ।

  • ਬੁਰੀ ਤਰ੍ਹਾਂ ਸਥਾਪਤ ਕੀਤੇ ਸਿਸਟਮਾਂ ਅਤੇ ਢਾਂਚਿਆਂ ਕਾਰਨ ਪੈਦਾ ਹੋਈਆਂ ਰਿਹਾਇਸ਼ੀ ਲੋੜਾਂ ਅਤੇ ਚੁਣੌਤੀਆਂ ਨੂੰ ਸੀਮਤ ਕਰੋ।
  • ਪਹਿਲਾਂ ਹੀ ਥਾਂਵਾਂ ਨੂੰ ਸਾਰੇ ਲੋਕਾਂ ਲਈ ਬਣਾਉ, ਅਤੇ ਲੋੜ ਪੈਣ `ਤੇ ਰਿਹਾਇਸ਼ਾਂ ਸੌਖੀਆਂ ਹੀ ਉਪਲਬਧ ਹੋਣ।

7. ਜਵਾਬਦੇਹੀ ਦੇ ਨਿਜ਼ਾਮ ਲਾਗੂ ਕਰੋ: ਇਹ ਚੈੱਕ ਕਰਨ ਲਈ ਢੰਗ ਸਥਾਪਤ ਕਰੋ ਕਿ ਕੀ ਯੋਜਨਾ ਕੰਮ ਕਰ ਰਹੀ ਹੈ।

  • ਯੋਜਨਾ ਦੀ ਮਹੱਤਤਾ ਸਮਝੋ ਅਤੇ ਇਹ ਸਮਝੋ ਕਿ ਇਹ ਲੋਕਾਂ `ਤੇ ਕਿਸ ਤਰ੍ਹਾਂ ਅਸਰ ਕਰਦੀ ਹੈ।
  • ਫੀਡਬੈਕ ਲਉ ਅਤੇ ਯੋਜਨਾ ਨੂੰ ਉਹਨਾਂ ਲੋਕਾਂ ਲਈ ਲਾਹੇਵੰਦ ਬਣਾਉ ਜਿਹਨਾਂ ਲੋਕਾਂ ਦੀ ਮਦਦ ਕਰਨ ਲਈ ਇਹ ਹੈ।


ਸਿਟੀ ਵਿੱਚ ਪਹੁੰਚਯੋਗਤਾ ਦੀ ਪੂਰੀ ਤਸਵੀਰ ਦੇਖਣ ਲਈ ਇਹ ਰਿਪੋਰਟ ਪਹਿਲਾ ਕਦਮ ਸੀ। ਅਸੀਂ ਜੋ ਕੁੱਝ ਸੁਣਿਆ, ਉਸ ਬਾਰੇ ਜ਼ਿਆਦਾ ਵਿਸਤ੍ਰਿਤ ਅਧਿਐਨ ਚੱਲ ਰਿਹਾ ਹੈ। ਇਸ ਵਿੱਚ ਸਿਟੀ ਦੀਆਂ ਸਲਾਹਕਾਰ ਕਮੇਟੀਆਂ ਦੀਆਂ ਰਿਪੋਰਟਾਂ ਅਤੇ ਸਿਟੀ ਦੇ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਨਾਲ ਕੀਤੀਆਂ ਗੱਲਾਂਬਾਤਾਂ ਵਰਗੇ ਹੋਰ ਸ੍ਰੋਤਾਂ ਤੋਂ ਪ੍ਰਾਪਤ ਜਾਣਕਾਰੀ ਸ਼ਾਮਲ ਹੋਵੇਗੀ।


ਪਹੁੰਚਯੋਗਤਾ ਬਾਰੇ ਭਾਈਚਾਰੇ ਦੇ ਹੋਰ ਵਿਚਾਰ ਜਾਣਨ ਲਈ 2022 ਦੀਆਂ ਗਰਮੀਆਂ ਵਿੱਚ ਪਹੁੰਚਯੋਗਤਾ ਬਾਰੇ ਯੋਜਨਾ ਦੇ ਖਰੜੇ `ਤੇ ਕਮਿਊਨਿਟੀ ਨਾਲ ਵੱਡੇ ਪੱਧਰ `ਤੇ ਗੱਲਬਾਤ ਕੀਤੀ ਗਈ। ਪਹੁੰਚਯੋਗਤਾ ਬਾਰੇ ਯੋਜਨਾ ਦਾ ਖਰੜਾ 2022 ਦੀ ਬਸੰਤ ਰੁੱਤ ਵਿੱਚ ਕਾਊਂਸਲ ਸਾਹਮਣੇ ਪੇਸ਼ ਕੀਤਾ ਗਿਆ ਸੀ ਅਤੇ ਕਾਊਂਸਲ ਵਲੋਂ ਪਾਸ ਕੀਤਾ ਗਿਆ ਸੀ।

Share ਪਹੁੰਚਯੋਗਤਾ ਬਾਰੇ ਯੋਜਨਾ ਦੇ ਇਸ ਸਾਰ ਦਾ ਅਨੁਵਾਦ ਇਕ ਪ੍ਰੋਫੈਸ਼ਨਲ ਅਨੁਵਾਦਕ ਵਲੋਂ ਕੀਤਾ ਗਿਆ ਹੈ। on Facebook Share ਪਹੁੰਚਯੋਗਤਾ ਬਾਰੇ ਯੋਜਨਾ ਦੇ ਇਸ ਸਾਰ ਦਾ ਅਨੁਵਾਦ ਇਕ ਪ੍ਰੋਫੈਸ਼ਨਲ ਅਨੁਵਾਦਕ ਵਲੋਂ ਕੀਤਾ ਗਿਆ ਹੈ। on Twitter Share ਪਹੁੰਚਯੋਗਤਾ ਬਾਰੇ ਯੋਜਨਾ ਦੇ ਇਸ ਸਾਰ ਦਾ ਅਨੁਵਾਦ ਇਕ ਪ੍ਰੋਫੈਸ਼ਨਲ ਅਨੁਵਾਦਕ ਵਲੋਂ ਕੀਤਾ ਗਿਆ ਹੈ। on Linkedin Email ਪਹੁੰਚਯੋਗਤਾ ਬਾਰੇ ਯੋਜਨਾ ਦੇ ਇਸ ਸਾਰ ਦਾ ਅਨੁਵਾਦ ਇਕ ਪ੍ਰੋਫੈਸ਼ਨਲ ਅਨੁਵਾਦਕ ਵਲੋਂ ਕੀਤਾ ਗਿਆ ਹੈ। link
<span class="translation_missing" title="translation missing: en-US.projects.blog_posts.show.load_comment_text">Load Comment Text</span>